HomeLatest Newsਸਿਆਸੀ ਖਿੱਚ ਧੂਹ ਨਾਲ ਆਖਰਕਾਰ ਹੋ ਨਿਬੜਿਆ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ

ਸਿਆਸੀ ਖਿੱਚ ਧੂਹ ਨਾਲ ਆਖਰਕਾਰ ਹੋ ਨਿਬੜਿਆ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ

ਚੰਡੀਗੜ੍ਹ : ਜਿਸ ਦਿਨ ਤੋਂ ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾਂ ਇਜਲਾਸ ਦਾ ਐਲਾਨ ਕੀਤਾ ਗਿਆ ਹੈ ਉਸ ਦਿਨ ਤੋਂ ਹੀ ਸ਼ਾਇਦ ਕੋਈ ਅਜਿਹਾ ਦਿਨ ਹੋਵੇ ਜਿਸ ਦਿਨ ਸਿਆਸਤ ਦਾ ਪਾਰਾ ਹੇਠਾਂ ਆਇਆ ਹੋਵੇਗਾ। ਹਰ ਦਿਨ ਵੱਡੇ ਪੱਧਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋ ਰਿਹਾ ਹੈ। ਆਖਰਕਾਰ ਆਪਸੀ ਗਹਿਮਾ ਗਹਿਮੀ ਦਰਮਿਆਨ ਅੱਜ ਵਿਧਾਨ ਸਭਾ ਦਾ ਸੈਸ਼ਨ ਹੋਇਆ ਪਰ ਇਸ ਦੌਰਾਨ ਵਿਧਾਨ ਸਭਾ ਦੇ ਬਾਹਰ ਵੱਡੇ ਪੱਧਰ ‘ਤੇ ਹੰਗਾਮਾ ਹੋਇਆ। ਖੈਰ ਉਸ ਹੰਗਾਮੇ ਦੀ ਗੱਲ ਬਾਅਦ ‘ਚ ਕਰਾਂਗੇ ਪਹਿਲਾਂ ਗੱਲ ਵਿਧਾਨ ਸਭਾ ਇਜਲਾਸ ਦੀ ਕਰ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ 28 ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਵਿੱਚ ਆਜ਼ਾਦੀ ਘੁਲਾਟੀਏ, ਗਲਵਾਨ ਘਾਟੀ ‘ਚ ਹੋਏ ਸ਼ਹੀਦ ਤੇ ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਕੋਰੋਨਾ ਯੋਧੇ ਸ਼ਾਮਿਲ ਹਨ, ਜੋ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਹਾਊਸ ਵੱਲੋਂ ਮਹਾਨ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਨਾਲ ਨਾਲ ਸ਼ਹੀਦ ਸੈਨਿਕਾਂ ਨਾਇਬ ਸੂਬੇਦਾਰ ਮਨਦੀਪ ਸਿੰਘ, ਨਾਇਬ ਸੂਬੇਦਾਰ ਸਤਨਾਮ ਸਿੰਘ, ਨਾਇਕ ਰਾਜੇਸ਼ ਕੁਮਾਰ, ਨਾਇਕ ਰਾਜਵਿੰਦਰ ਸਿੰਘ, ਨਾਇਕ ਸਲੀਮ ਖਾਨ, ਨਾਇਕ ਗੁਰਚਰਨ ਸਿੰਘ, ਸਿਪਾਹੀ ਗੁਰਬਿੰਦਰ ਸਿੰਘ, ਸਿਪਾਹੀ ਲਖਵੀਰ ਸਿੰਘ ਅਤੇ ਸਿਪਾਹੀ ਗੁਰਤੇਜ ਸਿੰਘ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ।15ਵੀਂ ਵਿਧਾਨ ਸਭਾ ਦੇ ਇੱਕ ਰੋਜ਼ਾ ਸੈਸ਼ਨ ਦੀ ਪਹਿਲੀ ਬੈਠਕ ਦੌਰਾਨ ਸਦਨ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ, ਹਰਮਿੰਦਰ ਕੌਰ (ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਤਾ), ਸਾਬਕਾ ਵਿਧਾਇਕ ਚੇਤੰਨ ਸਿੰਘ ਸਮਾਓ, ਸਾਬਕਾ ਰਾਜ ਮੰਤਰੀ ਹਰੀ ਸਿੰਘ ਜ਼ੀਰਾ ਅਤੇ ਜਸਟਿਸ (ਸੇਵਾ ਮੁਕਤ) ਸਤਪਾਲ ਬੰਗੜ ਨੂੰ ਸ਼ਰਧਾਂਜਲੀ ਦਿੱਤੀ ਗਈ।


ਸਦਨ ਵੱਲੋਂ ਆਜ਼ਾਦੀ ਘੁਲਾਟੀਆਂ ਸੁੱਚਾ ਸਿੰਘ, ਪਿਆਰਾ ਸਿੰਘ, ਤਖ਼ਤ ਸਿੰਘ, ਅਜੀਤ ਸਿੰਘ, ਵਰਿਆਮ ਸਿੰਘ, ਸੰਤੋਖ ਸਿੰਘ ਅਤੇ ਦਲੀਪ ਸਿੰਘ ਨੂੰ ਯਾਦ ਕੀਤਾ ਗਿਆ।ਸਦਨ ਵੱਲੋਂ ਨਾਮਵਾਰ ਕਲਾਕਾਰ ਸਤੀਸ਼ ਗੁਜਰਾਲ ਅਤੇ ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ ਸ਼ਰਧਾਂਜਲੀ ਦਿੱਤੀ ਗਈ।

ਵਿਧਾਨ ਸਭਾ ਵੱਲੋਂ ਧਾਰਮਿਕ ਆਗੂ ਆਚਰਿਆ ਮਹਾਂਪ੍ਰਗਿਆ ਅਤੇ ਸੁਰਿੰਦਰ ਡੋਗਰਾ (ਵਿਧਾਇਕ ਅਰੁਣ ਡੋਗਰਾ ਦੇ ਮਾਤਾ) ਨੂੰ ਯਾਦ ਕੀਤਾ ਗਿਆ।ਸਦਨ ਵੱਲੋਂ ਉਨ੍ਹਾਂ ਵਿਅਕਤੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਜਾਨ ਗਈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਬੇਨਤੀ ਉਪਰ ਮੂਹਰਲੀ ਕਤਾਰ ਦੇ ਕੋਵਿਡ ਯੋਧਿਆਂ ਦੇ ਨਾਮ ਵੀ ਸੂਚੀ ਵਿੱਚ ਸ਼ਾਮਿਲ ਕੀਤੇ ਗਏ, ਜਿਨ੍ਹਾਂ ਨੇ ਇਸ ਮਹਾਂਮਾਰੀ ਖਿਲਾਫ਼ ਲੜਦਿਆਂ ਆਪਣੀ ਡਿਊਟੀ ਨਿਭਾਉਂਦਿਆਂ ਜਾਨਾਂ ਕੁਰਬਾਨ ਕੀਤੀਆਂ।

ਆਪ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਬੇਨਤੀ ‘ਤੇ ਸਾਹਿਤਕਾਰ ਬਲਦੇਵ ਸਿੰਘ ਦਾ ਨਾਮ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।ਇਸ ਮੌਕੇ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਤਿਕਾਰ ਵੱਜੋਂ 2 ਮਿੰਟ ਦਾ ਮੌਨ ਧਾਰਿਆ ਗਿਆ। ਇੱਥੇ ਦੱਸ ਦਈਏ ਕਿ ਇਸ ਸੈਸ਼ਨ ਦੌਰਾਨ ਕੇਂਦਰੀ ਆਰਡੀਨੈਂਸਾਂ ਨੂੰ ਲੈ ਕੇ ਵੀ ਮਤਾ ਲਿਆਂਦਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਆਰਡੀਨੈ਼ਸਾਂ ਨੂੰ ਕਿਸਾਨ ਵਿਰੋਧੀ ਦੱਸਿਆ ਗਿਆ। ਇਸ ਦੌਰਾਨ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਵੀ ਮੁੱਖ ਮੰਤਰੀ ਦੇ ਹੱਕ ‘ਚ ਹਾ ਦਾ ਨਾਅਰਾ ਮਾਰਿਆ।ਜਾਣਕਾਰੀ ਮੁਤਾਬਿਕ ਇਸ ਦੌਰਾਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਪੰਜਾਬ, ਅਤੇ ਪੰਜਾਬ ‘ਚ ਕੈਦੀਆਂ ਦੇ ਚੰਗੇ ਆਚਰਨ ਸਬੰਧੀ ਬਿਲ ਵੀ ਲਿਆਂਦਾ ਗਿਆ।ਇਹ ਬਿਲ ਪਾਸ ਕਰ ਦਿੱਤੇ ਗਏ ਹਨ।ਜ਼ਿਕਰ ਏ ਖਾਸ ਹੈ ਕਿ ਇਸ ਸੈਸ਼ਨ ਦੌਰਾਨ ਕਈ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਦਨ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਜਿਸ ਕਾਰਨ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਵੱਡੇ ਪੱਧਰ ‘ਤੇ ਪੀ.ਪੀ.ਈ. ਕਿੱਟਾਂ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੀ ਉਨ੍ਹਾਂ ਦੇ ਹੱਕ ‘ਚ ਪਹੁੰਚੇ। ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਬਾਦਲਾਂ ਦੇ ਵੀ ਕੱਚੇ ਚਿੱਠੇ ਫੋਲ ਕੇ ਰੱਖ ਦਿੱਤੇ।ਇਸ ਮੌਕੇ ਮਾਨ ਨੇ ਕਿਹਾ ਕਿ ਜਦੋ਼ ਕਾਂਗਰਸ ਵਿਰੋਧੀ ਧਿਰ ਸੀ ਤਾਂ ਇਹ ਵਿਧਾਨ ਸਭਾ ਅੰਦਰ ਰਾਤਾਂ ਗੁਜਾਰਦੀ ਸੀ ਪਰ ਅੱਜ ਆਪਣੀ ਵਾਰੀ ‘ਤੇ ਘੰਟੇ ਵੀ ਗੁਜਾਰ  ਰਹੀ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਦੀ ਕਾਰਗੁਜਾਰੀ ਤੇ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ । ਉਨ੍ਹਾਂ ਕਿਹਾ ਕਿ ਆਪ ਆਗੂਆਂ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਮੁੱਦੇ ਚੁੱਕਣੇ ਸੀ ਇਸ ਲਈ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ।ਦੱਸ ਦਈਏ ਕਿ ਇਸ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾ ਅਤੇ ਪ੍ਰੋ: ਬਲਜਿੰਦਰ ਕੌਰ ਵਿਧਾਨ ਸਭਾ ਦੇ ਅੰਦਰ ਪਹੁੰਚੇ। ਇਸ ਮੌਕੇ ਅਮਨ ਅਰੋੜਾ ਵੀ ਪੰਜਾਬ ਸਰਕਾਰ ‘ਤੇ ਭੜਕ ਉਠੇ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਮਸਲਿਆਂ ਤੋਂ ਡਰਦਿਆਂ ਭੱਜ ਰਹੀ ਹੈ।ਹੁਣ ਜੇਕਰ ਗੱਲ ਲੋਕ ਇਨਸਾਫ ਪਾਰਟੀ ਦੀ ਕਰੀਏ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਲਿਪ ਆਗੂਆਂ ਨੇ ਵੀ ਪ੍ਰਦਰਸ਼ਨ ਕੀਤਾ । ਇਸ ਦੌਰਾਨ ਪੋਸਟ ਮੈਟ੍ਰਿਕ ਵਜੀਫੇ ਦੇ ਮਸਲੇ ‘ਤੇ ਬੈਂਸ ਨੇ ਸਾਧੂ ਸਿੰਘ ਧਰਮਸੋਤ ਨੂੰ ਲੰਬੇ ਹੱਥੀਂ ਲਿਆ। ਉਨ੍ਹਾ ਕਿਹਾ ਕਿ ਦਲਿਤ ਭਾਈਚਾਰੇ ਦੇ ਵਿਿਦਆਰਥੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਧਰਮਸੋਤ ਨੂੰ ਤੁਰੰਤ ਸਸਪੈਂਡ ਕਰ ਦੇਣਾ ਚਾਹੀਦਾ ਹੈ। ਬੈਂਸ ਨੇ ਕਿਹਾ ਕਿ ਇਸ ਮਸਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰਾਂਗੇ ਤਾਂ ਯੂਥ ਅਕਾਲੀ ਦਲ ਵੱਲੋਂ ਵੀ ਵਿਧਾਨ ਸਭਾ ਦੇ ਬਾਹਰ ਪੋੋਸਟ ਮੈਟ੍ਰਿਕ ਵਜ਼ੀਫੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ।ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰੋਮਾਣਾ ਨੇ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਾਮ ਭਾਵੇਂ ਸਾਧੂ ਹੈ ਪਰ ਕੰਮ ਡਾਕੂਆਂ ਵਾਲੇ ਹਨ।  ਬੰਟੀ ਰੋਮਾਣਾ ਕਿਹਾ ਕਿ ਧਰਮਸੋਤ ‘ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।ਖੈਰ ਅੱਜ ਪੂਰੀ ਗਹਿਮਾ ਗਹਿਮੀ ਸਿਆਸੀ ਖਿੱਚੋਤਾਣ ਨਾਲ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੋ ਨਿਬੜਿਆ । ਇਸ ਦੌਰਾਨ ਅਕਾਲੀ ਦਲ ਕਾਂਰਗਸ ਅਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਦੂਜੇ ‘ਤੇ ਖੂਬ ਸਿਆਸੀ ਤੰਜ ਕਸੇ ਗਏ। ਆਮ ਆਦਮੀ ਪਾਰਟੀ ਵੱਲੋਂ ਪੀ.ਪੀ.ਈ. ਕਿੱਟਾਂ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਸਾਧੂ ਸਿੰਘ ਧਰਮਸੋਤ ਖਿਲਾਫ ਪ੍ਰਦਰਸ਼ਨ ਹੋਇਆ। ਅਜਿਹੇ ਵਿੱਚ ਆਉਂਦੇ ਦਿਨੀਂ ਸਿਆਸੀ ਮਿਜਾਜ ਕੀ ਰਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments