ਹੁਸ਼ਿਆਰਪੁਰ : ਪੰਜਾਬ ਅੰਦਰ ਪੋਸਟ ਮੈਟ੍ਰਿਕ ਵਜੀਫੇ ਦਾ ਸਿਆਸੀ ਰੇੜਕਾ ਲਗਾਤਾਰ ਬਰਕਰਾਰ ਹੈ।ਇਸ ਨੂੰ ਲੈ ਕੇ ਲਗਾਤਾਰ ਸਿਆਸੀ ਖਿੱਚੋਤਾਣ ਚੱਲ ਰਹੀ ਹੈ। ਇਸ ਦੇ ਚਲਦਿਆਂ ਹੁਣ ਇਸ ਮਸਲੇ ‘ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਵੀ ਸਖਤ ਪ੍ਰਤੀਕਿਿਰਆ ਦਿੱਤੀ ਹੈ। ਵਿਜੇ ਸਾਂਪਲਾ ਨੇ ਇਸ ‘ਤੇ ਬੋਲਦਿਆਂ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਵੀ ਖੂਬ ਸਿਆਸੀ ਤੰਜ ਕਸੇ। ਸਾਂਪਲਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਧਰਮਸੋਤ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਸੀ ਪਰ ਇਸ ਮਸਲੇ ‘ਤੇ ਸਿਰਫ ਗੋਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ।
ਸਾਂਪਲਾ ਦਾ ਕਹਿਣਾ ਹੈ ਕਿ ਇਸ ਮਸਲੇ ਦੀ ਜਾਂਚ ਚੀਫ ਸਕੱਤਰ ਨੂੰ ਦਿੱਤੀ ਗਈ ਹੈ ਜਦੋਂ ਕਿ ਉਨ੍ਹਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਪਰ ਇਤਿਹਾਸ ਗਵਾਹ ਹੈ ਕਿ ਪਹਿਲਾਂ ਮੁੱਖ ਸਕੱਤਰ ਦਾ ਕੀ ਹਾਲ ਹੋਇਆ ਸੀ ਤੇ ਆਖਰਕਾਰ ਮੁੱਖ ਸਕੱਤਰ ਨੂੰ ਮਾਫੀ ਮੰਗਣੀ ਪਈ ਸੀ ਤੇ ਅਜਿਹੇ ਵਿੱਚ ਉਹ ਤਾਂ ਮੰਤਰੀ ਪ੍ਰੀਸ਼ਦ ਦੇ ਦਬਾਅ ਹੇਠ ਆ ਕੇ ਹੀ ਕੰਮ ਕਰੇਗਾ।ਉਨ੍ਹਾਂ ਕਿਹਾ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਹੋਵੇਗੀ ਇਸ ਦੀ ਕੋਈ ਵੀ ਉਮੀਦ ਨਹੀਂ ਹੈ।ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ ਤਾਂ ਜ਼ੋ ਸਥਿਤੀ ਸਪੱਸ਼ਟ ਹੋ ਸਕੇ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਲੀਨ ਚਿੱਟ ਦੇ ਮਾਸਟਰ ਹਨ ।