ਚੰਡੀਗੜ੍ਹ : ਕਿਸਾਨੀ ਸੰਘਰਸ਼ ਦਰਮਿਆਨ ਅੱਜ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਗਿਆ ਹੈ। ਇਸ ਦਰਮਿਆਨ ਲਗਾਤਾਰ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਅੱਜ ਜਿੱਥੇ ਅਕਾਲੀ ਆਗੂ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਟਰੈਕਟਰਾਂ ਜਰੀਏ ਪ੍ਰਦਰਸ਼ਨ ਕਰਦਿਆਂ ਵਿਧਾਨ ਸਭਾ ਪਹੁੰਚੇ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਕਾਲੇ ਚੋਲੇ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਪ ਆਗੂਆਂ ਨੇ ਖੂਬ ਸਿਆਸੀ ਬਿਆਨਬਾਜੀਆਂ ਵੀ ਕੀਤੀਆਂ ਅਤੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ‘ਤੇ ਗੰਭੀਰ ਦੋਸ਼ ਲਾਏ ਹਨ।
ਜੇਕਰ ਗੱਲ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਕਰ ਲਈਏ ਤਾਂ ਉਨ੍ਹਾਂ ਅਕਾਲੀ ਦਲ ਦੇ ਪ੍ਰਦਰਸ਼ਨਾਂ ਨੂੰ ਮਾਤਰ ਡਰਾਮਾ ਗਰਦਾਨ ਦਿੱਤਾ । ਚੀਮਾ ਨੇ ਇਸ ਮੌਕੇ ਹਰਸਿਮਰਤ ਕੌਰ ਬਾਦਲ ਨੂੰ ਵੀ ਡਰਾਮਾ ਕੁਇੰਨ ਦੱਸਿਆ। ਜੇਕਰ ਗੱਲ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਆਗੂ ਵੀ ਪ੍ਰਦਰਸ਼ਨ ਕਰਦਿਆਂ ਆਪ ਅਤੇ ਕਾਂਗਰਸੀ ਆਗੂਆਂ ‘ਤੇ ਦੋਸ਼ ਲਾਉਂਦੇ ਨਜਰ ਆਏ।ਜ਼ਿਕਰ ਏ ਖਾਸ ਹੈ ਕਿ ਇਸ ਸੈਸ਼ਨ ਦਰਮਿਆਨ ਕਿਸਾਨਾਂ ਨੂੰ ਆਸ ਹੈ ਕਿ ਕਾਂਗਰਸ ਸਰਕਾਰ ਉਨ੍ਹਾਂ ਲਈ ਮਤਾ ਲਿਆਵੇਗੀ । ਖੈਰ ਇਸ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਫਤਹਿਜੰਗ ਬਾਜਵਾ ਨੇ ਕਿਹਾ ਕਿ ਉਹ ਬਿੱਲ ਕੱਲ੍ਹ ਲਿਆਂਦਾ ਜਾਵੇਗਾ। ਇਸ ਸੈਸ਼ਨ ਦਰਮਿਆਨ ਲੰਬੇ ਸਮੇਂ ਤੋਂ ਚੁੱਪੀ ਧਾਰੀ ਬੈਠੇ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਹਨ। ਹੁਣ ਸਿੱਧੂ ਸੈਸ਼ਨ ‘ਚ ਆਪਣਾ ਕੀ ਰੂਪ ਦਿਖਾਉਂਦੇ ਹਨ ਇਸ ‘ਤੇ ਵੀ ਸਾਰਿਆਂ ਦੀਆਂ ਨਿਗਾਹਾਂ ਬਣੀਆਂ ਹੋਈਆਂ ਹਨ।


