1 ਜੁਲਾਈ ਨੂੰ ‘ਸੰਤ ਤੇਜਾ ਸਿੰਘ ਦਿਵਸ’ ਵਜੋਂ ਮਨਾਉਣ ਦਾ ਐਲਾਨ
ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸਿੱਖ ਵਿਦਵਾਨ ਅਤੇ ਵਕੀਲ ਸੰਤ ਤੇਜਾ ਸਿੰਘ ਅਤੇ ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਦੇ ਸਨਮਾਨ ਲਈ ਪਹਿਲੀ ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਹਰ ਸਾਲ ‘ਸੰਤ ਤੇਜਾ ਸਿੰਘ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਰੀ ਗਰੀਨ ਟਿੰਬਰ ਦੀ ਐਮ.ਐਲ.ਏ. ਅਤੇ ਨਸਲਵਾਦ ਵਿਰੋਧੀ ਪਹਿਲਕਦਮੀ ਦੇ ਸੰਸਦੀ ਸਕੱਤਰ ਰਚਨਾ ਸਿੰਘ ਨੇ ਕੀਤਾ।ਇਹ ਐਲਾਨ ਇਕ ਸਮਾਗਮ ਦੌਰਾਨ ਕੀਤਾ ਗਿਆ ਜਿਸ ‘ਚ ਨਸਲਵਾਦ ਦਾ ਵਿਰੋਧ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਟਾਰਨੀ ਜਨਰਲ ਡੇਵਿਡ ਈਬੀ ਅਤੇ ਲੈਫਟੀਨੈਂਟ ਗਵਰਨਰ ਜੈਨੇਟ ਆਸਟਿਨ ਦੁਆਰਾ 1 ਜੁਲਾਈ 2021 ਨੂੰ ਸੰਤ ਤੇਜਾ ਸਿੰਘ ਦਿਵਸ ਵਜੋਂ ਕੀਤੇ ਐਲਾਨ ਸਬੰਧੀ ਦਸਤਾਵੇਜ ਸਿੱਖ ਆਗੂਆਂ ਨੂੰ ਭੇਂਟ ਕੀਤਾ।

ਜਿਕਰਯੋਗ ਹੈ ਕਿ ਸੰਤ ਤੇਜਾ ਸਿੰਘ ਮਹਾਨ ਚਿੰਤਕ ਅਤੇ ਅਣਥੱਕ ਵਕੀਲ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਿਕ ਨਾ-ਬਰਾਬਰੀ ਨੂੰ ਖਤਮ ਕਰਨ, ਇਕ ਨਿਆਂਕਾਰੀ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰਨ ਅਤੇ ਸਿੱਖ ਧਰਮ ਦੇ ਸਿਧਾਂਤਾਂ ਅਨੁਸਾਰ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰਨ ਲਈ ਸਮਰਪਿਤ ਕਰ ਦਿੱਤੀ।