ਜਗਜੀਵਨ ਮੀਤ
ਚੰਡੀਗੜ੍ਹ ‘ਚ ਪਹਿਲੀ ਵਾਰ ਨਗਰ ਨਿਗਮ ਦੀਆਂ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਨੂੰ ਵੱਡੀ ਸਫਲਤਾ ਮਿਲੀ ਹੈ। ਇਕ ਤਰ੍ਹਾਂ ਦੇ ਨਾਲ ਅੱਧਾ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਹੱਕ ਚ ਭੁਗਤਿਆ ਹੈ। ਚੋਣਾਂ ਦੇ ਅਖੀਰਲੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਹਾਲਾਤ ਇਹ ਬਣੇ ਕਿ ਰਵਾਇਤੀ ਜਾਂ ਸਥਾਪਿਤ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਥ ਹਾਰ ਲੱਗੀ ਹੈ। ਚੰਡੀਗੜ੍ਹ ਦੇ ਸਾਬਕਾ ਤੇ ਮੌਜੂਦਾ ਮੇਅਰ ਵੀ ਕਮਾਲ ਨਹੀਂ ਕਰ ਸਕੇ।
ਜਿਸ ਤਰ੍ਹਾਂ ਦੇ ਬਦਲਾਅ ਦੀ ਚੰਡੀਗੜ੍ਹ ਵਿਚ ਉਮੀਦ ਕੀਤੀ ਜਾ ਰਹੀ ਸੀ, ਨਤੀਜੇ ਉਸੇ ਤਰ੍ਹਾਂ ਦੇ ਆਏ ਹਨ। ਨਗਰ ਨਿਗਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿਚ ਹੈਰਾਨ ਕਰਨ ਵਾਲਾ ਵੋਟਰ ਬਦਲਾਅ ਪੈਦਾ ਕੀਤਾ ਹੈ। ਲੋਕਾਂ ਨੇ ਵੀ ਆਪ ਦੇ ਹੱਕ ਵਿਚ ਫਤਵਾ ਜਾਰੀ ਕੀਤਾ ਹੈ। ਖਾਸ ਗੱਲ ਇਹ ਰਹੀ ਕਿ ਚੰਡੀਗੜ੍ਹ ਦੇ ਕਈ ਵਾਰਡ ਅਜਿਹੇ ਹਨ ਜਿਨ੍ਹਾਂ ਵਿਚ ਬਿਲਕੁਲ ਨਵੇਂ-ਨਕੋਰ ਉਮੀਦਵਾਰ ਆਪ ਦੀ ਟਿਕਟ ਉੱਤੇ ਚੋਣਾਂ ਲੜ ਰਹੇ ਸਨ ਤੇ ਨਜੀਤਾ ਇਹ ਨਿਕਲਿਆ ਕਿ ਉਨ੍ਹਾਂ ਨੇ ਕਈ ਸਾਲਾਂ ਤੋਂ ਕੁਰਸੀਆਂ ਨੱਪੀ ਬੈਠੇ ਰਵਾਇਤੀ ਉਮੀਦਵਾਰਾਂ ਦੇ ਪੈਰ ਇਸ ਵਾਰ ਜਮੀਨ ਤੇ ਨਹੀਂ ਲੱਗਣ ਦਿੱਤੇ।
ਚੰਡੀਗੜ੍ਹ ਵਿਚ ਨਗਰ ਨਿਗਮ ਦੀਆਂ 35 ਸੀਟਾਂ ਵਾਸਤੇ ਇਸ ਵਾਰ ਦਾ ਮਕਾਬਲਾ ਫਸਵਾਂ ਹੋ ਨਿਬੜਿਆ। ਸੀਟਾਂ ਦੀ ਗੱਲ ਕਰੀਏ ਤਾਂ ਕੇਂਦਰ ਵਿਚ ਸੱਤਾਧਿਰ ਬੀਜੇਪੀ-12, ਆਪ-14, ਕਾਂਗਰਸ-8 ਤੇ ਬਸਪਾ ਨੂੰ 1 ਸੀਟ ਨਾਲ ਸੰਤੋਸ਼ ਕਰਨਾ ਪਿਆ। ਪਿਛਲੀ ਵਾਰ ਬੀਜੇਪੀ ਨੇ 20 ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਸੀ। ਪਿਛਲੀ ਵਾਰ ਦੇ ਨਤੀਜਿਆਂ ਤੋਂ ਇਹ ਨਤੀਜੇ ਬਿਲਕੁਲ ਭਿੰਨ ਹਨ। ਹਾਲਾਂਕਿ ਕੋਈ ਪਾਰਟੀ ਸਪਸ਼ਟ ਬਹੁਮਤ ਨਹੀਂ ਹਾਸਿਲ ਕਰ ਸਕੀ ਹੈ।
ਚੰਡੀਗੜ੍ਹ ਨਗਰ ਨਿਗਮ ਦੇ ਇਨ੍ਹਾਂ ਨਤੀਜਿਆਂ ਦਾ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਲਈ ਬੜਾ ਮਹੱਤਵ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਇਸ ਜਿੱਤ ਨਾਲ ਜਿੱਥੇ ਪੰਜਾਬ ਦੇ ਲੀਡਰਾਂ ਦੇ ਹੌਂਸਲੇ ਬੁਲੰਦ ਹਨ, ਉੱਥੇ ਹੀ ਦੂਜੀਆਂ ਪਾਰਟੀਆਂ ਨੂੰ ਹੋ ਸਕਦਾ ਹੈ ਕਿ ਅਗਲੀਆਂ ਰਣਨੀਤੀਆਂ ਘੜਨ ਤੇ ਇਨ੍ਹਾਂ ਨਤੀਜਿਆਂ ਤੋਂ ਸਬਕ ਲਈ ਬਿਨਾਂ ਦੇਰੀ ਮੀਟਿੰਗਾਂ ਕਰਨੀਆਂ ਪੈ ਸਕਦੀਆਂ ਹਨ। ਆਪ ਦੀ ਵੱਡੀ ਜਿੱਤ ਦਾ ਕਾਰਣ ਕੋਈ ਵੀ ਰਿਹਾ ਹੋਵੇ, ਪਰ ਲੋਕ ਮਨਾਂ ਦਾ ਬਦਲਾਅ ਸਾਫ ਝਲਕ ਰਿਹਾ ਹੈ ਤੇ ਇਸਦਾ ਸਿੱਧਾ ਅਸਰ ਪੰਜਾਬ ਦੀ ਰਾਜਨੀਤੀ ਉੱਤੇ ਪੈਣ ਵਾਲਾ ਹੈ। ਕਿਉਂ ਕਿ ਚੰਡੀਗੜ੍ਹ ਪੰਜਾਬ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ ਤੇ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਦਾ ਚੰਡੀਗੜ੍ਹ ਹੀ ਡੇਰਾ ਹੈ। ਉੱਧਰ, ਆਪ ਆਗੂ ਰਾਘਵ ਚੱਢਾ ਤਾਂ ਕਹਿ ਹੀ ਚੁੱਕੇ ਨੇ ਕਿ ਇਹ ਤਾਂ ਟ੍ਰੇਲਰ ਹੈ, ਫਿਲਮ ਹਾਲੇ ਬਾਕੀ ਹੈ।