ਸਰਕਾਰ ਕੋਈ ਵੀ ਹੋਵੇ, ਨਸ਼ੇ ‘ਤੇ ਕਾਬੂ ਪਾਉਣ ਦਾ ਵੋਟਾਂ ਵੇਲੇ ਦਾਅਵਾ ਜਰੂਰ ਠੋਕਦੀ ਹੈ, ਪਰ ਜਮੀਨੀ ਹਕੀਕਤ ‘ਤੇ ਕੁੱਝ ਨਹੀਂ ਵਾਪਰਦਾ। ਨਸ਼ੇ ਨਾਲ ਉਸੇ ਗ੍ਰਾਫ ਚ ਮੌਤਾਂ ਹੋ ਰਹੀਆਂ ਹਨ ਤੇ ਨੌਜਵਾਨ ਉਸੇ ਤਰ੍ਹਾਂ ਇਸਦੇ ਸ਼ਿਕਾਰ ਹੋ ਰਹੇ ਹਨ। ਤਾਜਾ ਮਾਮਲਾ ਸਮਰਾਲਾ ਦੇ ਪਿੰਡ ਬਲਾਲਾ ਦਾ ਹੈ। ਇਹ ਮਾਮਲਾ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਵਜੋਤ ਸਿੱਧੂ ਦੀ ਫੇਰੀ ਤੋਂ ਐਨ ਪਹਿਲਾਂ ਵਾਪਰਿਆ ਹੈ।
ਪੰਜਾਬ ਦੀ ਜਵਾਨੀ ਤੇ ਸਿਆਸੀ ਛਾਵਾਂ ਹੇਠ ਪਲਦੇ ਨਸ਼ੇ ਦੇ ਸੌਦਾਗਰ…ਨਤੀਜਾ, ਪੰਜਾਬ ਦੀ ਜਵਾਨੀ ਦਾ ਘਾਣ। ਕੋਈ ਸਿਆਸਤਦਾਨ ਗੁਟਕਾ ਸਾਹਬ ਹੱਥ ਫੜ੍ਹ ਕੇ ਸਹੁੰ ਖਾਂਦਾ ਹੈ ਕਿ ਨਸ਼ੇ ਨੂੰ ਇੰਨੇ ਸਮੇਂ ਵਿਚ ਖਤਮ ਕਰ ਦਊ ਤੇ ਦੂਜਾ ਦਾਅਵਾ ਕਰਦਾ ਹੈ ਕਿ ਓਸ ਸਿਆਸੀ ਆਗੂ ਦੀ ਦੇਣ ਹੈ ਕੇ ਨੌਜਵਾਨ ਨਸ਼ੇ ਨੇ ਖਾ ਲਏ। ਸੱਚਾ ਕੌਣ ਹੈ ਤੇ ਝੂਠਾ ਕੌਣ, ਇਹ ਤਾਂ ਰੱਬ ਹੀ ਜਾਣਦਾ ਹੈ ਪਰ ਪੰਜਾਬ ਦੀ ਜਵਾਨੀ ਨੂੰ ਇਹ ਨਸ਼ਾ ਜਰੂਰ ਖਾ ਰਿਹਾ ਹੈ। ਆਗੂ ਜੋ ਮਰਜੀ ਕਹਿਣ, ਜਿਨ੍ਹਾਂ ਘਰਾਂ ਦੇ ਵਿਹੜੇ ਨਸ਼ੇ ਨਾਲ ਸੁੰਨੇ ਹੋਏ ਨੇ, ਉਨ੍ਹਾਂ ਦੀ ਉਦਾਸੀ ਕਿਸੇ ਤਰੀਕੇ ਵੀ ਨਹੀਂ ਜਾ ਸਕਦੀ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਲਾ ਖੰਨਾ ਦੇ ਸਮਰਾਲਾ ਥਾਣਾ ਦੇ ਪਿੰਡ ਬਲਾਲਾ ਦੇ ਇਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਵਾਉਣ ਨਾਲ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਨੌਜਵਾਨ ਦੀ ਉਮਰ ਤਕਰੀਬਨ 30-32 ਸਾਲ ਸੀ। ਇਸ ਸੰਬੰਧੀ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਬਲਾਲਾ ਨੇ ਕਿਹਾ ਹੈ ਕਿ ਪੂਰਾ ਮਾਮਲਾ ਰਿਪੋਰਟ ਆਉਟ ਤੋ ਬਾਅਦ ਹੀ ਪਤਾ ਚੱਲੇਗਾ ਪਰ ਡੀਐਸਪੀ ਸਮਰਾਲਾ ਹਰਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਨਸ਼ੇ ਕਰਨ ਦਾ ਆਦੀ ਸੀ ਤੇ ਨਸ਼ਾ ਛੱਡਣ ਲਈ ਸੈਂਟਰ ਵਿਚੋਂ ਆਈਆ ਸੀ।
ਬੇਸ਼ੱਕ ਪੁਲਿਸ ਤੇ ਸਰਪੰਚ ਦਾ ਕਹਿਣਾ ਵੱਖੋ ਵੱਖਰਾ ਹੈ, ਪਰ ਜੇ ਪੁਲਿਸ ਦੀ ਰਿਪੋਰਟ ਅਨੁਸਾਰ ਮੰਨੀਏ ਤਾਂ ਨਸ਼ੇ ਨਾਲ ਕਿਸੇ ਨੌਜਵਾਨ ਦੀ ਜਾਨ ਜਾਣੀ ਬਹੁਤ ਦੁਖਦਾਈ ਗੱਲ ਹੈ। ਸਰਕਾਰਾਂ ਆਪਣੀ ਸਿਆਸਤ ਵਿਚ ਮਗਨ ਹਨ ਤੇ ਨਸ਼ਾ ਵੰਡਣ ਵੇਚਣ ਤੇ ਖਰੀਦਣ ਵਾਲੇ ਆਪਣੇ ਧੰਦੇ ਵਿਚ ਬੇਖੌਫ ਲੱਗੇ ਹੋਏ ਹਨ। ਜਦੋਂ ਤੱਕ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਸਰਕਾਰ ਸੱਚੇ ਮਨੋਂ ਫੜ੍ਹਨ ਤੇ ਪੱਕੀ ਕਾਰਵਾਈ ਕਰਨ ਦਾ ਮਨ ਨਹੀਂ ਬਣਾਉਂਦੀ ਉਦੋਂ ਤੱਕ ਇਸ ਤਰ੍ਹਾਂ ਗਰਕਦੀ ਪੰਜਾਬ ਦੀ ਜਵਾਨੀ ਨੂੰ ਰੋਕਣਾ ਮੁਸ਼ਕਲ ਹੈ।
(ਵਿਪਨ ਭਾਰਦਵਾਜ ਦੀ ਰਿਪੋਰਟ, ਸਮਰਾਲਾ)