ਬ੍ਰਿਟਿਸ਼ ਕੋਲੰਬੀਆ ਵਿੱਚ ਗਰਮੀ ਤਬਾਹੀ ਮਚਾ ਰਹੀ ਹੈ। ਇੱਥੇ ਗਰਮੀ ਦੇ ਵਧ ਰਹੇ ਪ੍ਰਕੋਪ ਕਾਰਨ ਸੋਮਵਾਰ ਨੂੰ ਸਕੂਲ ਤੇ ਕਾਲਜ ਬੰਦ ਰਹੇ। ਪੱਛਮੀ ਕੈਨੇਡੀਅਨ ਸੂਬਾ ਬੇਰਹਿਮ ਸਰਦੀਆਂ ਤੇ ਬਰਫਬਾਰੀ ਲਈ ਜਾਣਿਆ ਜਾਂਦਾ ਹੈ, ਪਰ ਇੱਥੇ ਹਫ਼ਤੇ ਦੇ ਅੰਤ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਦੱਸ ਦਈਏ ਕਿ ਇੱਥੋਂ ਦਾ ਤਾਪਮਾਨ 100 ਡਿਗਰੀ ਫਾਰਨਹੀਟ ਨੂੰ ਵੀ ਪਾਰ ਕਰ ਗਿਆ।

ਵੈਨਕੂਵਰ ਤੋਂ 200 ਕਿਲੋਮੀਟਰ (124 ਮੀਲ) ਉੱਤਰ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲਿਟਨ ‘ਚ ਐਤਵਾਰ ਨੂੰ ਤਾਪਮਾਨ 46 ਡਿਗਰੀ ਸੈਲਸੀਅਸ (115.88 ਐਫ) ਤੋਂ ਉੱਪਰ ਦਰਜ ਕੀਤਾ ਗਿਆ। ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਮੁਤਾਬਕ, ਸਾਲ 1937 ਵਿੱਚ ਸਸਕੈਚੇਵਾਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਸੀ। ਇਸ ਗਰਮੀ ਨੇ ਪੱਛਮੀ ਕੈਨੇਡਾ ਦੇ ਕਈ ਸਥਾਨਕ ਰਿਕਾਰਡਾਂ ਨੂੰ ਤੋੜ ਦਿੱਤਾ ਹੈ।